ਕੈਲੀਫ਼ੋਰਨੀਆ ਵਿੱਚ ਵਿਕਰੀ ਕਰਨੀ (Making Sales in California)

ਸਟੇਟ ਬੋਰਡ ਆਫ਼ ਇਕੁਅਲਾਈਜ਼ੇਸ਼ਨ (State Board of Equalization) ਨਾਲ ਜਾਣ-ਪਛਾਣ

ਕੈਲੀਫ਼ੋਰਨੀਆ ਦਾ ਸਟੇਟ ਬੋਰਡ ਆਫ਼ ਇਕੁਅਲਾਈਜ਼ੇਸ਼ਨ (BOE) ਤੁਹਾਡਾ ਅਤੇ ਤੁਹਾਡੇ ਨਵੇਂ ਕਾਰੋਬਾਰ ਦਾ ਸੁਆਗਤ ਕਰਦਾ ਹੈ। ਸਾਡੇ ਰਾਜ ਦਾ ਉੱਦਮੀਆਂ ਅਤੇ ਖੁਸ਼ਹਾਲ ਕਾਰੋਬਾਰਾਂ ਦਾ ਬਹੁਤ ਵਧੀਆ ਇਤਿਹਾਸ ਰਿਹਾ ਹੈ ਅਤੇ ਅਸੀਂ ਤੁਹਾਡੇ ਲਈ ਵੀ ਅਜਿਹੀ ਸਫਲਤਾ ਦੀ ਕਾਮਨਾ ਕਰਦੇ ਹਾਂ। ਇਹ ਉਹਨਾਂ ਕਾਨੂੰਨੀ ਲੋੜਾਂ ਬਾਰੇ ਸੰਖੇਪ ਜਾਣਕਾਰੀ ਹੈ ਜੋ ਕੈਲੀਫ਼ੋਰਨੀਆ ਵਿੱਚ ਵਿਕਰੀ ਕਰਨ ਵਾਲੇ ਹਰ ਇੱਕ ਵਿਅਕਤੀ 'ਤੇ ਲਾਗੂ ਹੁੰਦੀਆਂ ਹਨ। ਪਰ, ਕਿਰਪਾ ਕਰਕੇ ਨੋਟ ਕਰੋ ਕਿ ਰਾਜ ਦੇ ਵਪਾਰ ਸੰਬੰਧੀ ਨਿਯਮ ਅਤੇ ਟੈਕਸ ਕਾਨੂੰਨ ਬਹੁਤ ਜਟਿਲ ਹਨ ਅਤੇ ਇਹ ਵਿਸਤ੍ਰਿਤ ਗਾਈਡ ਨਹੀਂ ਹੈ। ਸਾਡੇ ਕਰਮਚਾਰੀ ਟੈਕਸ ਸੰਬੰਧੀ ਉਹਨਾਂ ਵਾਧੂ ਪ੍ਰਸ਼ਨਾਂ ਦੇ ਉੱਤਰ ਦੇਣ ਲਈ ਤਿਆਰ ਹਨ ਜੋ ਸ਼ਾਇਦ ਤੁਹਾਡੇ ਕੋਲ ਹੋ ਸਕਦੇ ਹਨ। ਕਈ ਕਰਮਚਾਰੀ ਅੰਗ੍ਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਬੋਲਦੇ ਹਨ ਅਤੇ ਪਹਿਲਾਂ ਦਿੱਤੇ ਗਏ ਨੋਟਿਸ ਦੇ ਨਾਲ, ਅਸੀਂ ਇਹ ਯਕੀਨੀ ਬਣਾਉਣ ਦੀ ਹਰ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਮਦਦ ਕਰਨ ਲਈ ਕੋਈ ਅਜਿਹਾ ਵਿਅਕਤੀ ਮੌਜੂਦ ਹੋਵੇ ਜੋ ਤੁਹਾਡੀ ਭਾਸ਼ਾ ਬੋਲਦਾ ਹੈ।

ਕੈਲੀਫ਼ੋਰਨੀਆ ਵਿਕਰੇਤਾ ਦਾ ਪਰਮਿਟ

ਕੈਲੀਫ਼ੋਰਨੀਆ ਵਿਕਰੇਤਾ ਦਾ ਪਰਮਿਟ ਤੁਹਾਨੂੰ ਥੋਕ ਜਾਂ ਪ੍ਰਚੂਨ ਪੱਧਰ 'ਤੇ ਚੀਜ਼ਾਂ ਵੇਚਣ ਅਤੇ ਸਪਲਾਇਅਰਾਂ ਨੂੰ ਮੁੜ-ਵਿਕਰੀ ਦੇ ਸਰਟੀਫ਼ਿਕੇਟ ਜਾਰੀ ਕਰਨ ਦੀ ਆਗਿਆ ਦਿੰਦਾ ਹੈ ("ਵਿਕਰੇਤਾ ਦਾ ਪਰਮਿਟ ਬਨਾਮ ਮੁੜ-ਵਿਕਰੀ ਦਾ ਸਰਟੀਫ਼ਿਕੇਟ" ਦੇਖੋ)। ਜਦੋਂ ਤੁਸੀਂ BOE ਕੋਲ ਰਜਿਸਟਰ ਹੁੰਦੇ ਹੋ ਤਾਂ ਤੁਹਾਨੂੰ ਵਿਕਰੇਤਾ ਦਾ ਪਰਮਿਟ ਮਿਲਦਾ ਹੈ। ਆਮ ਤੌਰ 'ਤੇ, ਕੈਲੀਫ਼ੋਰਨੀਆ ਵਿੱਚ ਜਿੱਥੇ ਤੁਸੀਂ ਵਪਾਰਕ ਚੀਜ਼ਾਂ, ਵਾਹਨ, ਜਾਂ ਦੂਸਰੀ ਭੌਤਿਕ ਸੰਪਤੀ ਵੇਚਦੇ ਹੋ ਜਾਂ ਲੀਜ਼ 'ਤੇ ਦਿੰਦੇ ਹੋ, ਭਾਵੇਂ ਇਹ ਅਸਥਾਈ ਤੌਰ 'ਤੇ ਹੀ ਹੋਵੇ, ਕਾਨੂੰਨੀ ਤੌਰ 'ਤੇ ਵਪਾਰ ਕਰਨ ਲਈ ਤੁਹਾਨੂੰ ਰਜਿਸਟਰ ਜ਼ਰੂਰ ਹੋਣਾ ਚਾਹੀਦਾ ਹੈ। (ਅਸਥਾਈ ਪਰਮਿਟ ਉਹਨਾਂ ਵਿਕਰੇਤਾਵਾਂ ਨੂੰ ਜਾਰੀ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਵਿਕਰੀ ਦੀ ਗਤੀਵਿਧੀ 30 ਦਿਨ ਤੋਂ ਵੱਧ ਨਹੀਂ ਚੱਲੇਗੀ, ਜਿਵੇਂ ਕਿ ਕ੍ਰਿਸਮਸ ਟ੍ਰੀ ਦੇ ਵਿਕਰੇਤਾ ਜਾਂ ਸ਼ਿਲਪਕਾਰੀ ਮੇਲੇ ਦੇ ਵਪਾਰੀ।) ਕਿਰਪਾ ਕਰਕੇ ਨੋਟ ਕਰੋ ਕਿ ਕੈਲੀਫ਼ੋਰਨੀਆ ਵਿਕਰੇਤਾ ਦਾ ਪਰਮਿਟ ਤੁਹਾਨੂੰ ਸਥਾਨਕ, ਰਾਜ ਦੇ ਜਾਂ ਕੇਂਦਰੀ ਕਾਨੂੰਨ ਦੇ ਤਹਿਤ ਕੋਈ ਵੀ ਦੂਸਰੇ ਅਧਿਕਾਰ, ਵਿਸ਼ੇਸ਼ ਅਧਿਕਾਰ, ਜਾਂ ਦਰਜਾ ਨਹੀਂ ਦਿੰਦਾ ਹੈ।

ਵਿਕਰੇਤਾ ਦਾ ਪਰਮਿਟ ਬਨਾਮ ਮੁੜ-ਵਿਕਰੀ ਦਾ ਸਰਟੀਫ਼ਿਕੇਟ

ਹਾਲਾਂਕਿ ਕਈ ਲੋਕ ਵਿਕਰੇਤਾ ਦੇ ਪਰਮਿਟਅਤੇ ਮੁੜ-ਵਿਕਰੀ ਦਾ ਸਰਟੀਫ਼ਿਕੇਟਨੂੰ ਇੱਕ-ਦੁਸਰੇ ਦੀ ਜਗ੍ਹਾ 'ਤੇ ਵਰਤਦੇ ਹਨ, ਇਹ ਵੱਖ-ਵੱਖ ਚੀਜ਼ਾਂ ਦੇ ਬਾਰੇ ਹਨ। ਵਿਕਰੇਤਾ ਦਾ ਪਰਮਿਟ ਸਾਡੀ ਏਜੰਸੀ ਵਲੋਂ ਜਾਰੀ ਕੀਤਾ ਜਾਂਦਾ ਹੈ ਅਤੇ ਤੁਹਾਨੂੰ ਕੈਲੀਫ਼ੋਰਨੀਆ ਵਿੱਚ ਵਿਕਰੀ ਕਰਨ ਦੀ ਆਗਿਆ ਦਿੰਦਾ ਹੈ। ਇੱਕ ਵਾਰ ਜਦੋਂ ਤੁਹਾਡੇ ਕੋਲ ਵਿਕਰੇਤਾ ਦਾ ਪਰਮਿਟ ਆ ਜਾਂਦਾ ਹੈ, ਤਾਂ ਤੁਸੀਂ ਉਹ ਚੀਜ਼ਾਂ ਖਰੀਦਣ ਲਈ ਜੋ ਤੁਸੀਂ ਆਪਣੇ ਕਾਰੋਬਾਰ ਨੂੰ ਚਲਾਉਣ ਵਿੱਚ ਵੇਚੋਗੇ, ਆਪਣੇ ਸਪਲਾਇਅਰਾਂ ਨੂੰ ਮੁੜ-ਵਿਕਰੀ ਦੇ ਸਰਟੀਫ਼ਿਕੇਟ ਜਾਰੀ ਕਰ ਸਕਦੇ ਹੋ। ਮੁੜ-ਵਿਕਰੀ ਦਾ ਸਰਟੀਫ਼ਿਕੇਟ ਜਾਰੀ ਕਰਨ ਨਾਲ ਤੁਹਾਨੂੰ ਇਹ ਚੀਜ਼ਾਂ ਵਿਕਰੇਤਾ ਨੂੰ ਟੈਕਸ ਦੀ ਅਦਾਇਗੀ ਕੀਤੇ ਬਿਨਾਂ ਖਰੀਦਣ ਦੀ ਆਗਿਆ ਮਿਲ ਜਾਂਦੀ ਹੈ। ਵਿਕਰੇਤਾ ਦਾ ਪਰਮਿਟ ਖਰੀਦਣ ਦਾ ਪਰਮਿਟਨਹੀਂ ਹੁੰਦਾ ਹੈ। ਤੁਸੀਂ ਅਜੇ ਵੀ ਉਹਨਾਂ ਸਾਰੀਆਂ ਚੀਜ਼ਾਂ ਲਈ ਟੈਕਸ ਦੀ ਅਦਾਇਗੀ ਕਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਕਾਰੋਬਾਰ ਵਿੱਚ ਵੇਚਣ ਦੀ ਬਜਾਏ ਵਰਤਦੇ ਹੋ (ਜਿਵੇਂ ਕਿ ਆਫ਼ਿਸ ਸਪਲਾਈਆਂ)।

ਵਿਕਰੇਤਾ ਦੇ ਪਰਮਿਟ ਲਈ ਅਰਜ਼ੀ ਦੇਣੀ

ਤੁਸੀਂ ਵਿਕਰੇਤਾ ਦੇ ਪਰਮਿਟ ਲਈ ਅਰਜ਼ੀ ਸਾਡੀ ਵੈਬਸਾਈਟ ਤੋਂ ਇਸਨੂੰ ਡਾਊਨਲੋਡ ਕਰਕੇ, ਟੈਕਸਪੇਅਰ ਇਨਫ਼ਾਰਮੇਸ਼ਨ ਸੈਕਸ਼ਨ ਨੂੰ 800-400-7115 'ਤੇ ਫ਼ੋਨ ਕਰਕੇ, ਸਥਾਨਕ ਫ਼ੀਲਡ ਆਫ਼ਿਸ ਵਿੱਚ ਜਾ ਕੇ ਜਾਂ ਡਾਕ ਰਾਹੀਂ ਹਾਸਲ ਕਰ ਸਕਦੇ ਹੋ। ਜੇ ਤੁਸੀਂ ਡਾਕ ਰਾਹੀਂ ਅਰਜ਼ੀ ਦਿੰਦੇ ਹੋ, ਤਾਂ ਆਮ ਤੌਰ 'ਤੇ ਤੁਹਾਨੂੰ ਤੁਹਾਡਾ ਪਰਮਿਟ 7 ਤੋਂ 14 ਦਿਨਾਂ ਵਿੱਚ ਮਿਲ ਜਾਵੇਗਾ। ਜੇ ਤੁਸੀਂ ਖੁਦ ਆ ਕੇ ਅਰਜ਼ੀ ਦਿੰਦੇ ਹੋ, ਤਾਂ ਫ਼ੀਲਡ ਆਫ਼ਿਸ ਸ਼ਾਇਦ ਤੁਹਾਨੂੰ ਉਸੇ ਦਿਨ ਪਰਮਿਟ ਜਾਰੀ ਕਰ ਸਕੇਗਾ। ਕਿਰਪਾ ਕਰਕੇ ਯਕੀਨੀ ਬਣਾਉ ਕਿ ਤੁਸੀਂ ਪੂਰੀ ਅਰਜ਼ੀ ਭਰਦੇ ਹੋ, ਇਸ 'ਤੇ ਦਸਤਖਤ ਕਰਦੇ ਹੋ ਅਤੇ ਮੰਗੇ ਗਏ ਕਿਸੇ ਵੀ ਦਸਤਾਵੇਜ਼ਾਂ ਦੇ ਨਾਲ, ਇਸਨੂੰ ਡਾਕ ਰਾਹੀਂ ਸਾਡੇ ਕੋਲ ਭੇਜ ਦਿੰਦੇ ਹੋ।
ਆਪਣੀ ਅਰਜ਼ੀ ਨੂੰ ਸਹੀ ਤਰ੍ਹਾਂ ਨਾਲ ਭਰਨ ਲਈ ਤੁਹਾਨੂੰ ਬੈਂਕ ਖਾਤੇ ਅਤੇ ਅਨੁਮਾਨਤ ਆਮਦਨ ਸਮੇਤ, ਆਪਣੇ ਕਾਰੋਬਾਰ ਬਾਰੇ ਜਾਣਕਾਰੀ ਮੁਹੱਈਆ ਕਰਨ ਦੀ ਲੋੜ ਹੋਵੇਗੀ। ਜੇ ਤੁਸੀਂ ਆਪਣਾ ਕਾਰੋਬਾਰ ਖਰੀਦਿਆ ਹੈ, ਤਾਂ ਤੁਹਾਨੂੰ ਪਿਛਲੇ ਮਾਲਕ ਦਾ ਨਾਮ ਅਤੇ ਵਿਕਰੇਤਾ ਦੇ ਪਰਮਿਟ ਦਾ ਨੰਬਰ ਮੁਹੱਈਆ ਕਰਨ ਦੀ ਲੋੜ ਹੋਵੇਗੀ। ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਕੋਈ ਵੀ ਅਜਿਹੇ ਵਿਕਰੀ ਜਾਂ ਵਰਤੋਂ ਦੇ ਟੈਕਸ ਨਾ ਦੇਣੇ ਪੈਣ ਜੋ ਪਿਛਲੇ ਮਾਲਕ ਨੇ ਦੇਣੇ ਹਨ, ਤੁਹਾਨੂੰ ਕਾਰੋਬਾਰ ਖਰੀਦਣ ਤੋਂ ਪਹਿਲਾਂ ਸਾਡੇ ਤੋਂ ਟੈਕਸ ਕਲੀਰੈਂਸ ਦੀ ਬੇਨਤੀ ਕਰਨੀ ਚਾਹੀਦੀ ਹੈ। ਵਿਕਰੇਤਾ ਦੇ ਪਰਮਿਟ ਲਈ ਕੋਈ ਫ਼ੀਸ ਨਹੀਂ ਹੈ। ਪਰ, ਤੁਹਾਡੇ ਕਾਰੋਬਾਰ ਦੀ ਕਿਸਮ ਅਤੇ ਅਨੁਮਾਨ ਲਗਾਈ ਗਈ ਵਿਕਰੀ 'ਤੇ ਨਿਰਭਰ ਕਰਦੇ ਹੋਏ, ਅਸੀਂ ਤੁਹਾਡੇ ਤੋਂ ਸੁਰੱਖਿਆ ਡਿਪੌਜ਼ਿਟ ਦੀ ਮੰਗ ਕਰ ਸਕਦੇ ਹਾਂ।

ਵਿਕਰੇਤਾ ਦਾ ਪਰਮਿਟ ਰੱਖਣ ਵਾਲਿਆਂ ਦੀਆਂ ਜ਼ੁੰਮੇਵਾਰੀਆਂ

ਜਦੋਂ ਤੁਹਾਡੇ ਕੋਲ ਵਿਕਰੇਤਾ ਦਾ ਪਰਮਿਟ ਹੁੰਦਾ ਹੈ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਹੇਠਾਂ ਦੱਸੇ ਕੰਮ ਕਰਨੇ ਚਾਹੀਦੇ ਹਨ:

 • ਇਹ ਸਿੱਖਣ ਲਈ ਸਮਾਂ ਕੱਢੋ ਕਿ ਆਪਣੇ ਕਾਰੋਬਾਰ ਨੂੰ ਚਲਾਉਂਦੇ ਹੋਏ ਵਿਕਰੀ ਅਤੇ ਵਰਤੋਂ ਟੈਕਸ ਦੇ ਕਾਨੂੰਨ ਨੂੰ ਸਹੀ ਤਰੀਕੇ ਨਾਲ ਕਿਵੇਂ ਲਾਗੂ ਕਰਨਾ ਹੈ।
 • ਉਚਿਤ ਰਿਕਾਰਡ ਰੱਖੋ ਜਿਨ੍ਹਾਂ ਵਿੱਚ ਤੁਹਾਡੀਆਂ ਵਿਕਰੀਆਂ ਅਤੇ ਖਰੀਦਾਂ ਦਰਜ ਹੋਣ ("ਰਿਕਾਰਡ ਰੱਖਣਾ" ਦੇਖੋ)।
 • ਵਿਕਰੀ ਅਤੇ ਵਰਤੋਂ ਟੈਕਸ ਦੇ ਮਿਆਦੀ ਰਿਟਰਨ BOE ਕੋਲ ਜਮ੍ਹਾਂ ਕਰੋ। BOE ਤੁਹਾਡਾ ਅਦਾਇਗੀ ਚੱਕਰ ਨਿਰਧਾਰਤ ਕਰੇਗਾ ਅਤੇ ਤੁਹਾਨੂੰ ਮਹੀਨਾਵਾਰ, ਤਿਮਾਹੀ, ਜਾਂ ਸਲਾਨਾ ਅਧਾਰ 'ਤੇ ਜਮ੍ਹਾਂ ਕਰਵਾਉਣ ਦੀ ਹਿਦਾਇਤ ਦੇਵੇਗਾ।
 • ਆਪਣੀਆਂ ਵਿਕਰੀਆਂ ਅਤੇ ਖਰੀਦਾਂ 'ਤੇ ਲੱਗੇ ਕੋਈ ਵੀ ਵਿਕਰੀ ਜਾਂ ਵਰਤੋਂ ਟੈਕਸ ਅਦਾ ਕਰੋ। (ਨੋਟ ਕਰੋ: ਜਿਸ ਸਮੇਂ ਤੁਸੀਂ ਕੋਈ ਵਿਕਰੀ ਕਰਦੇ ਹੋ, ਤੁਸੀਂ ਆਪਣੇ ਗਾਹਕ ਤੋਂ ਉਸ ਟੈਕਸ ਦੇ ਬਰਾਬਰ ਦੀ ਰਕਮ ਲੈ ਸਕਦੇ ਹੋ ਜੋ ਤੁਸੀਂ ਭਰਨਾ ਹੋਵੇਗਾ। ਇਸ ਨੂੰ ਆਮ ਤੌਰ 'ਤੇ ਰਸੀਦ ਜਾਂ ਇਨਵਾਇਸ 'ਤੇ ਵਿਕਰੀ ਟੈਕਸਕਿਹਾ ਜਾਂਦਾ ਹੈ।)

ਰਿਕਾਰਡ ਰੱਖਣੇ

ਤੁਹਾਨੂੰ ਉਹ ਰਿਕਾਰਡ ਜ਼ਰੂਰ ਰੱਖਣੇ ਚਾਹੀਦੇ ਹਨ ਜੋ ਵਿਕਰੀ ਅਤੇ ਵਰਤੋਂ ਟੈਕਸ ਦੇ ਕਾਨੂੰਨ (Sales and Use Tax Law) ਤਹਿਤ ਤੁਹਾਡੀ ਸਹੀ ਟੈਕਸ ਦੇਣਦਾਰੀ ਨਿਰਧਾਰਤ ਕਰਨ ਲਈ ਜ਼ਰੂਰੀ ਹਨ, ਜਿਵੇਂ ਕਿ:

 • ਵਹੀ-ਖਾਤੇ ਜੋ ਤੁਹਾਡੀ ਆਮਦਨ ਅਤੇ ਖਰਚਿਆਂ ਦਾ ਹਿਸਾਬ ਰੱਖਦੇ ਹਨ (ਉਦਾਹਰਨ ਲਈ, ਤੁਹਾਡੇ ਸਧਾਰਨ ਖਾਤੇ ਅਤੇ ਰੋਜ਼ਨਾਮਚੇ)। ਇਹ ਜਾਣਕਾਰੀ ਕੰਪਿਊਟਰਾਂ 'ਤੇ ਰੱਖੀ ਜਾ ਸਕਦੀ ਹੈ।
 • ਮੂਲ ਇੰਦਰਾਜ ਵਾਲੇ ਦਸਤਾਵੇਜ਼ (ਉਦਾਹਰਨ ਲਈ ਬਿਲ, ਰਸੀਦਾਂ, ਇਨਵਾਇਸ, ਜਾਬ ਆਰਡਰ, ਸਮਝੌਤੇ, ਜਾਂ ਦੂਸਰੇ ਦਸਤਾਵੇਜ਼) ਜੋ ਤੁਹਾਡੇ ਵਹੀ-ਖਾਤਿਆਂ ਵਿੱਚ ਇੰਦਰਾਜਾਂ ਦਾ ਸਮਰਥਨ ਕਰਦੇ ਹੋਣ।
 • ਤੁਹਾਡਾ ਟੈਕਸ ਰਿਟਰਨ ਤਿਆਰ ਕਰਨ ਲਈ ਵਰਤੇ ਗਏ ਦਸਤਾਵੇਜ਼ ਅਤੇ ਵਰਕਸ਼ੀਟਾਂ।
 • ਤੁਹਾਡੇ ਗਾਹਕਾਂ ਤੋਂ ਸਵੀਕਾਰ ਕੀਤੇ ਗਏ ਕੋਈ ਵੀ ਮੁੜ-ਵਿਕਰੀ ਦੇ ਸਰਟੀਫ਼ਿਕੇਟ।
  ਤੁਹਾਡੇ ਰਿਕਾਰਡਾਂ ਨੂੰ ਲਾਜ਼ਮੀ ਤੌਰ 'ਤੇ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨ:
 • ਸਾਰੀ ਕਾਰੋਬਾਰੀ ਆਮਦਨੀ ਤੋਂ ਕੁੱਲ ਰਸੀਦਾਂ, ਜਿਨ੍ਹਾਂ ਵਿੱਚ ਵਪਾਰਕ ਚੀਜ਼ਾਂ ਦੀ ਵਿਕਰੀ ਅਤੇ ਲੀਜ਼ ਸ਼ਾਮਲ ਹੈ - ਉਹ ਆਮਦਨੀ ਵੀ ਸ਼ਾਮਲ ਹੈ ਜਿਸ ਨੂੰ ਤੁਸੀਂ ਟੈਕਸ ਤੋਂ ਛੂਟ ਵਾਲੀ ਸਮਝਦੇ ਹੋ ਸਕਦੇ ਹੋ।
 • ਤੁਹਾਡੇ ਟੈਕਸ ਰਿਟਰਨ 'ਤੇ ਦਾਅਵਾ ਕੀਤੀਆਂ ਸਾਰੀਆਂ ਕਟੌਤੀਆਂ।
 • ਵਿਕਰੀ ਜਾਂ ਲੀਜ਼ ਲਈ, ਜਾਂ ਤੁਹਾਡੀ ਆਪਣੀ ਵਰਤੋਂ ਲਈ, ਖਰੀਦੀਆਂ ਸਾਰੀਆਂ ਆਈਟਮਾਂ ਦਾ ਕੁੱਲ ਖਰੀਦ ਮੁੱਲ
  ਆਮ ਤੌਰ 'ਤੇ, ਤੁਹਾਨੂੰ ਘੱਟ ਤੋਂ ਘੱਟ ਚਾਰ ਸਾਲਾਂ ਤਕ ਵਿਕਰੀ ਅਤੇ ਵਰਤੋਂ ਟੈਕਸ ਦਾ ਰਿਕਾਰਡ ਰੱਖਣਾ ਚਾਹੀਦਾ ਹੈ।

ਤੁਹਾਡੇ ਕਾਰੋਬਾਰ ਲਈ ਵਾਧੂ ਲੋੜਾਂ

ਵਿਕਰੇਤਾ ਦੇ ਪਰਮਿਟ ਲਈ ਰਜਿਸਟਰ ਹੋਣ ਦੇ ਇਲਾਵਾ, ਤੁਹਾਨੂੰ ਸਾਡੇ ਵਲੋਂ ਚਲਾਏ ਜਾਂਦੇ ਦੂਸਰੇ ਟੈਕਸ ਅਤੇ ਫ਼ੀਸ ਪ੍ਰੋਗਰਾਮਾਂ ਲਈ ਰਜਿਸਟਰ ਹੋਣ ਦੀ ਲੋੜ ਹੋ ਸਕਦੀ ਹੈ (ਉਦਾਹਰਨ ਲਈ ਕੈਲੀਫ਼ੋਰਨੀਆ ਟਾਇਰ ਫ਼ੀਸ, ਇਲੈਕਟ੍ਰੋਨਿਕ ਵੇਸਟ ਰੀਸਾਈਕਲਿੰਗ ਫ਼ੀਸ ਜਾਂ ਸਿਗਰਟ ਅਤੇ ਤਮਾਕੂ ਲਾਇਸੈਂਸ ਪ੍ਰੋਗਰਾਮ)। ਤੁਹਾਨੂੰ ਆਪਣਾ ਕਾਰੋਬਾਰ ਚਲਾਉਣ ਲਈ ਦੂਸਰੇ ਲਾਇਸੈਂਸ, ਪਰਮਿਟ, ਜਾਂ ਦਸਤਾਵੇਜ਼ ਹਾਸਲ ਕਰਨ ਦੀ ਵੀ ਲੋੜ ਹੋ ਸਕਦੀ ਹੈ। ਚੈਂਬਰਜ਼ ਆਫ਼ ਕਾਮਰਸ, ਆਰਥਿਕ ਵਿਕਾਸ ਸੰਗਠਨ, ਅਤੇ ਕਾਰੋਬਾਰੀ ਸੰਗਠਨ ਜਾਣਕਾਰੀ ਦੇ ਚੰਗੇ ਸ੍ਰੋਤ ਹੁੰਦੇ ਹਨ। ਅਕਸਰ ਕਿਸੇ ਸ਼ਹਿਰ ਜਾਂ ਦੇਸ਼ ਦਾ ਕਾਰੋਬਾਰੀ ਲਾਇਸੈਂਸ ਦੇਣ ਦਾ ਵਿਭਾਗ ਤੁਹਾਡੀ ਸਹਾਇਤਾ ਕਰ ਸਕਦਾ ਹੈ, ਜਾਂ ਤੁਸੀਂ ਮਦਦ ਲਈ ਸਾਨੂੰ ਫ਼ੋਨ ਕਰ ਸਕਦੇ ਹੋ।

ਟੈਕਸ ਦੇਣ ਵਾਲੇ ਦੇ ਅਧਿਕਾਰਾਂ ਦਾ ਵਕੀਲ

ਕੈਲੀਫ਼ੋਰਨੀਆ ਵਿੱਚ ਟੈਕਸ ਦੇਣ ਵਾਲੇ ਦੇ ਰੂਪ ਵਿੱਚ, ਤੁਹਾਡੇ ਕੋਲ ਕਈ ਅਧਿਕਾਰ ਹਨ, ਜਿਵੇਂ ਕਿ ਗੁਪਤਤਾ ਦਾ ਅਧਿਕਾਰ, ਸਹੀ ਤਰ੍ਹਾਂ ਨਾਲ ਵਿਹਾਰ ਕੀਤੇ ਜਾਣ ਦਾ ਅਧਿਕਾਰ, ਅਤੇ ਸਾਡੇ ਵਲੋਂ ਕੀਤੀਆਂ ਗਈਆਂ ਕਾਰਵਾਈਆਂ ਦੇ ਵਿਰੁੱਧ ਅਪੀਲ ਕਰਨ ਦਾ ਅਧਿਕਾਰ। ਜੇ ਤੁਸੀਂ BOE ਦੇ ਕਿਸੇ ਵੀ ਕਰਮਚਾਰੀ ਨਾਲ ਕੋਈ ਅਸਹਿਮਤੀ ਨੂੰ ਹੱਲ ਕਰਨ ਵਿੱਚ ਅਸਮਰਥ ਹੋ ਜਾਂ ਜੇ ਤੁਸੀਂ BOE ਵਲੋਂ ਚਲਾਏ ਜਾਂਦੇ ਕਿਸੇ ਵੀ ਟੈਕਸ ਜਾਂ ਫ਼ੀਸ ਪ੍ਰੋਗਰਾਮ ਦੇ ਤਹਿਤ ਆਪਣੇ ਅਧਿਕਾਰਾਂ ਬਾਰੇ ਹੋਰ ਜਾਣਕਾਰੀ ਲੈਣੀ ਚਾਹੋਗੇ, ਤਾਂ ਤੁਸੀਂ ਟੈਕਸ ਦੇਣ ਵਾਲਿਆਂ ਦੇ ਅਧਿਕਾਰਾਂ ਦੇ ਵਕੀਲ ਦੇ ਆਫ਼ਿਸ (Taxpayers’ Rights Advocate’s Office) ਨੂੰ 888-324-2798 'ਤੇ ਮੁਫ਼ਤ ਫ਼ੋਨ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਲਈ

ਜੇ ਤੁਹਾਨੂੰ ਦੁਭਾਸ਼ੀਏ ਦੀ ਸਹਾਇਤਾ ਦੀ ਲੋੜ ਹੋਵੇ, ਤਾਂ ਕਿਰਪਾ ਕਰਕੇ ਆਪਣੇ ਨੇੜਲੇ BOE ਡਿਸਟ੍ਰਿਕਟ ਆਫ਼ਿਸ ਨੂੰ ਫ਼ੋਨ ਕਰੋ। ਅਸੀਂ BOE ਦੇ ਕਿਸੇ ਅਜਿਹੇ ਕਰਮਚਾਰੀ ਦੇ ਨਾਲ ਤੁਹਾਡਾ ਸੰਪਰਕ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜੋ ਤੁਹਾਡੀ ਭਾਸ਼ਾ ਬੋਲਦਾ ਹੋਵੇ। ਜੇ ਤੁਸੀਂ ਚਾਹੋ, ਤਾਂ ਤੁਸੀਂ ਬੇਸ਼ਕ ਆਪਣਾ ਖੁਦ ਦਾ ਦੁਭਾਸ਼ੀਆ ਲਿਆ ਸਕਦੇ ਹੋ। ਸਾਰੇ ਮਾਮਲਿਆਂ ਵਿੱਚ, ਅਸੀਂ ਤੁਹਾਡੇ ਨਾਲ ਸਪਸ਼ਟ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੇ ਤੁਹਾਡੇ ਕੋਲ ਇਸ ਬਾਰੇ ਸੁਝਾਅ ਹਨ ਕਿ ਅਸੀਂ ਆਪਣੀਆਂ ਸੇਵਾਵਾਂ ਨੂੰ ਕਿਵੇਂ ਸੁਧਾਰ ਸਕਦੇ ਹਾਂ, ਤਾਂ ਕਿਰਪਾ ਕਰਕੇ ਸਾਨੂੰ ਦੱਸੋ।

ਨੋਟ ਕਰੋ: ਇਹ ਉਸ ਸਮੇਂ ਲਾਗੂ ਹੋਣ ਵਾਲੇ ਕਾਨੂੰਨਾਂ ਅਤੇ ਨਿਯਮਾਂ ਦਾ ਸਾਰ ਹੈ ਜਦੋਂ ਇਹ ਲਿਖਿਆ ਗਿਆ ਸੀ। ਪਰ, ਉਸ ਸਮੇਂ ਤੋਂ ਬਾਅਦ ਕਾਨੂੰਨ ਜਾਂ ਨਿਯਮਾਂ ਵਿੱਚ ਤਬਦੀਲੀਆਂ ਹੋਈਆਂ ਹੋ ਸਕਦੀਆਂ ਹਨ। ਜੇ ਇਸ ਮਜ਼ਮੂਨ ਅਤੇ ਕਾਨੂੰਨ ਵਿਚਕਾਰ ਕੋਈ ਵਿਰੋਧ ਹੁੰਦਾ ਹੈ, ਤਾਂ ਫ਼ੈਸਲਾ ਕਾਨੂੰਨ ਦੇ ਅਧਾਰ 'ਤੇ ਲਿਆ ਜਾਵੇਗਾ।